Monday, 14 January 2013

ਸਨਮੁੱਖ ਸਜਣਾਂ ਦੇ

ਬਹੁਤ ਸਾਰੇ ਦੋਸਤਾਂ ਅਤੇ ਪਾਠਕਾਂ ਵੱਲੋਂ ਅਕਸਰ ਮੈਨੂੰ ਮੇਰੀਆਂ ਰਚਨਾਵਾਂ ਦੇ ਸੰਦਰਭ ਵਿਚ ਸਵਾਲ ਪੁੱਛੇ ਜਾਂਦੇ ਹਨ।ਅਕਸਰ ਉਹ ਸਵਾਲ ਦਿਲਚਸਪ ਅਤੇ ਖੂਬਸੂਰਤ ਹੋਇਆ ਕਰਦੇ ਹਨ।ਅਜਿਹੇ ਸਵਾਲਾਂ ਦਾ ਜੁਆਬ ਵੀ ਮੈਨੂੰ ਕਈ ਵਾਰ ਆਪਣੇ ਕੀਤੇ ਅਧਿਐਨ ਮੁਤਾਬਕ ਗਿਆਨ ਦੀ ਥਾਲੀ ਵਿਚ ਪਰੋਸ ਕੇ ਦੇਣਾ ਪੈਂਦਾ ਹੈ। ਪਰ ਉਹ ਪ੍ਰਸ਼ਨ ਉੱਤਰ ਮੇਰੇ ਤੇ ਸਵਾਲ ਕਰਤਾ ਦਰਮਿਆਨ ਦੀ ਗੁਆਚ ਜਾਇਆ ਕਰਦੇ ਸਨ। ਮਹਾਤਮਾ ਬੁੱਧ ਕਹਿੰਦਾ ਹੈ, 'ਗਿਆਨ ਤੇ ਪਿਆਰ ਵੰਡਿਆਂ ਵੱਧਦੇ ਹਨ'। ਇਸ ਲਈ ਇਹ ਬਲੌਗ ਸ਼ੁਰੂ ਕਰ ਰਿਹਾ ਹਾਂ, ਜਿਸ ਉੱਤੇ ਮੈਨੂੰ ਤੁਸੀਂ ਜੋ ਵੀ ਸਵਾਲ ਕਰੋਂਗੇ ਮੈਂ ਆਪਣੇ ਜੁਆਬ ਸਹਿਤ ਦਰਜ਼ ਕਰ ਦਿਆਂ ਕਰਾਂਗਾ- ਬਲਰਾਜ ਸਿੰਘ ਸਿੱਧੂ
I have started this blog to answer all the questions asked by readers, regarding my career and my literary work. You may shoot any question.- Balraj Singh Sidhu

Sanmukh Sajana De

ਇਕਬਾਲ ਸਿੰਘ ਸੋਢੀ, ਨਵੀਂ ਦਿੱਲੀ, ਭਾਰਤ: ਤੁਸੀਂ ਇੰਗਲੈਂਡ ਵਿਚ ਬੈਠੇ ਐਨਾ ਵਧੀਆ ਪੰਜਾਬੀ ਸਾਹਿਤ ਕਿਵੇਂ ਲਿਖੀ ਜਾ ਰਹੇ ਹੋ?
ਬਲਰਾਜ ਸਿੱਧੂ: ਹੁਣ ਤੱਕ ਮੈਂ ਜੋ ਵੀ ਚੰਗਾ ਮਾੜਾ ਲਿੱਖਿਆ ਹੈ, ਉਹ ਲਿੱਖ ਹੀ ਇਸ ਕਰਕੇ ਸਕਿਆ ਹਾਂ ਕਿਉਂਕਿ ਮੈਂ ਇੰਗਲੈਂਡ ਵਿਚ ਬੈਠਾ ਹਾਂ। ਇਹਨਾਂ ਅੰਗਰੇਜ਼ਾਂ ਨੇ ਅੱਧੀ ਤੋਂ ਵੱਧ ਦੁਨੀਆਂ 'ਤੇ ਸੌ ਤੋਂ ਚਾਰ ਸੌ ਸਾਲਾਂ ਤੱਕ ਰਾਜ ਕੀਤਾ ਹੈ। ਇਸ ਲਈ ਇਹ ਹਰ ਦੇਸ਼, ਕੌਮ ਅਤੇ ਸਭਿਆਚਾਰ ਦਾ ਵੱਡਮੁੱਲਾ ਸਰਮਾਇਆ ਚੁੱਕ ਕੇ ਇੰਗਲੈਂਡ ਲੈ ਆਏ, ਜਿਸ ਨਾਲ ਵੱਖ-ਵੱਖ ਭਾਸ਼ਾਵਾਂ ਦਾ ਸਾਹਿਤ ਵੀ ਇਹਨਾਂ ਕੋਲ ਆ ਗਿਆ ਹੈ। ਇਹਨਾਂ ਨੇ ਉਹ ਸਭ ਕੁਝ ਸਾਂਭ ਕੇ ਰੱਖਿਆ ਹੈ ਤੇ ਅਧਿਐਨ ਕਰਨ ਲਈ ਉਪਲਬਧ ਹੈ। ਹੁਣ ਅੱਗੇ ਇਹ ਲੇਖਕ ਦੀ ਹਿੰਮਤ ਹੈ, ਉਹ ਜਿੰਨਾ ਵਧੀਆ ਤੇ ਵੱਧ ਪੜ੍ਹੇਗਾ, ਉਸ ਦੁਆਰਾ ਰਚੇ ਸਾਹਿਤ ਦਾ ਮਿਆਰ ਉਨਾ ਹੀ ਬੁਲੰਦੀਆਂ ਨੂੰ ਛੂੰਹਦਾ ਚਲਾ ਜਾਵੇਗਾ। ਹੁਣ ਤੱਕ ਮੈਂ ਜੋ ਵੀ ਲਿੱਖਿਆ ਹੈ, ਉਹ ਸਭ ਅਭਿਆਸ ਸੀ ਵਧੀਆ ਲਿੱਖਣ ਲਈ, ਜੋ ਮੈਂ ਲਿੱਖਣਾ ਚਾਹੁੰਦਾ ਹਾਂ ਜਾਂ ਜਿਸ ਕਾਰਨ ਕਰਕੇ ਮੈਂ ਲਿੱਖਣ ਲੱਗਿਆ ਸੀ, ਉਹ ਤਾਂ ਮੈਂ ਅਜੇ ਲਿੱਖਣਾ ਆਰੰਭ ਵੀ ਨਹੀਂ ਕਰ ਸਕਿਆ।
ਸੁਰਜੀਤ ਵਿਰਕ ਸਰੀ, ਬੀ. ਸੀ.: ਤੁਹਾਡੇ ਪਾਤਰ ਸਿਗਰਟਾਂ ਅਤੇ ਸ਼ਰਾਬ ਜ਼ਿਆਦਾ ਕਿਉਂ ਪੀਂਦੇ ਹਨ?
ਬਲਰਾਜ ਸਿੱਧੂ: ਮੈਂ ਜਿਸ ਦੇਸ਼ ਅਤੇ ਸੁਸਾਇਟੀ ਵਿਚ ਪਲਿਆ, ਜਵਾਨ ਹੋਇਆ ਤੇ ਰਹਿ ਰਿਹਾ ਹਾਂ, ਇਹ ਦੋਨੋਂ ਅਲਾਮਤਾਂ ਉਸ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਸਾਹਿਤ ਸਮਾਜ ਦਾ ਦਰਪਨ ਹੁੰਦਾ ਹੈ, ਜੋ ਸਮਾਜ ਵਿਚ ਹੋ ਰਿਹਾ ਹੈ। ਮੈਂ ਉਹੀ ਕੁਝ ਬਿਆਨ ਕਰਦਿਆਂ ਸਮਾਜ ਨੂੰ ਇਹਨਾਂ ਦੇ ਬੁਰੇ ਪ੍ਰਭਾਵਾਂ ਤੋਂ ਸੁਚੇਤ ਵੀ ਕਰ ਰਿਹਾ ਹਾਂ, ਜੋ ਕਿ ਇਕ ਸਾਹਿਤਕਾਰ ਦਾ ਫਰਜ਼ ਹੈ। ਵੈਸੇ ਸ਼ਰਾਬ ਮੇਰੀ ਆਪਣੀ ਖੁਦ ਦੀ ਬਹੁਤ ਵੱਡੀ ਕਮਜ਼ੋਰੀ ਰਹੀ ਹੈ ਤੇ ਮੇਰੇ ਸਾਹਿਤ ਵਿਚ ਇਸ ਦਾ ਜ਼ਿਕਰ ਆ ਜਾਣਾ ਸੁਭਾਵਿਕ ਜਿਹੀ ਗੱਲ ਹੈ।

ਬਲਜੀਤ ਸੈਣੀ, ਮੁੰਬਈ: ਤੁਹਾਡੀ ਹਰ ਕਹਾਣੀ ਵਿਚ ਰੋਮਾਂਸ ਕਿਉਂ ਹੈ?
ਬਲਰਾਜ ਸਿੱਧੂ: ਰੋਮਾਂਸ ਦਾ ਯੁਵਾ ਅਵਸਥਾ ਵਿਚ ਖਾਸ ਮਹੱਤਵ ਹੁੰਦਾ ਹੈ। ਮੈਂ ਜਵਾਨ ਹਾਂ, Single ਹਾਂ ਤੇ ਇੰਗਲੈਂਡ ਵਰਗੇ ਅਜ਼ਾਦ ਮੁਲਖ ਵਿਚ ਰਹਿ ਰਿਹਾ ਹਾਂ, ਜਿਥੇ ਹਰ ਮੁੰਡੇ ਕੁੜੀ ਨੂੰ ਮਨਚਾਹੇ ਭਾਵਨਾਤਮਕ ਅਤੇ (ਜਾਂ) ਜਿਣਸੀ ਰਿਸ਼ਤੇ ਸਿਰਜਣ ਦੀ ਖੁੱਲ੍ਹ ਹੈ। ਰੋਮਾਂਸ ਮੇਰੇ ਆਲੇ-ਦੁਆਲੇ ਤੇ ਮੇਰੀ ਆਪਣੀ ਜ਼ਿੰਦਗੀ ਵਿਚ ਹੈ। ਜ਼ਾਹਰ ਹੈ ਜੋ ਮੇਰੀ ਨਿੱਜੀ ਜ਼ਿੰਦਗੀ ਜਾਂ ਮੇਰੀ ਸੋਚ ਵਿਚ ਹੈ, ਉਹ ਮੇਰੇ ਰਚੇ ਸਾਹਿਤ ਵਿਚੋਂ ਵੀ ਵਿਦਮਾਨ ਹੋਵੇਗਾ।

ਸਰਬਜੀਤ ਸਿੰਘ ਬੱਲ, ਸਲੋਹ: ਤੁਸੀਂ ਸਾਰੀਆਂ ਕਹਾਣੀਆਂ ਇਕੋ ਵਿਸ਼ੇ 'ਤੇ ਹੀ ਕਿਉਂ ਲਿੱਖੀ ਜਾਂਦੇ ਹੋ?
ਬਲਰਾਜ ਸਿੱਧੂ: ਇਹ ਗੱਲ ਦਰੁਸਤ ਹੈ ਕਿ ਮੇਰੀਆਂ ਸਾਰੀਆਂ ਕਹਾਣੀਆਂ ਔਰਤ-ਮਰਦ ਸੰਬੰਧਾਂ 'ਤੇ ਅਧਾਰਤ ਹਨ, ਜਿਨ੍ਹਾਂ ਦਾ ਕੇਂਦਰਬਿੰਦੂ ਸੈਕਸ ਹੁੰਦਾ ਹੈ। ਰਮਾਇਣ ਮਹਾਭਾਰਤ ਵੀ ਤਾਂ ਔਰਤ ਮਰਦ ਸੰਬੰਧਾਂ ਦੇ Epic ਹੀ ਹਨ। ਜੋ ਹਜ਼ਾਰਾਂ ਸਾਲ ਪਹਿਲਾਂ ਲਿੱਖੇ ਗਏ ਤੇ ਅੱਜ ਵੀ ਪੜ੍ਹੇ ਜਾਂਦੇ ਹਨ। ਮੈਂ ਇਕ ਸਮੱਸਿਆ ਬਾਰੇ ਲਿੱਖ ਰਿਹਾ ਹਾਂ। ਸੈਕਸ ਅਜੋਕੇ ਸਮਾਜ ਵਿਚ ਇਕ ਵਿਕਰਾਲ ਰੂਪ ਧਾਰੀ ਖੜ੍ਹੀ ਸਮੱਸਿਆ ਹੈ। ਅਸੀਂ ਰੋਜ਼ ਅਖਬਾਰਾਂ, ਰੇਡੀਉ ਅਤੇ ਟੈਲੀਵਿਜ਼ਨ 'ਤੇ ਅਨੇਕਾਂ ਅਜਿਹੇ ਜ਼ੁਰਮਾਂ ਬਾਰੇ ਪੜ੍ਹਦੇ ਸੁਣਦੇ ਹਾਂ, ਜਿਨ੍ਹਾਂ ਦਾ ਸਰੋਕਾਰ ਸੈਕਸ ਨਾਲ ਹੁੰਦਾ ਹੈ। ਤਕਰੀਬਨ ਹਰ ਮੌਰਡਨ ਮਨੁੱਖ ਰਿਸ਼ਤਿਆਂ ਦੀ ਟੁੱਟ-ਭੱਜ ਨਾਲ ਜੂਝ ਰਿਹਾ ਹੈ, ਜਿਸਦਾ ਸੰਬੰਧ ਵਿੰਗ-ਵਲ ਪਾ ਕੇ ਸੈਕਸ ਨਾਲ ਜਾ ਜੁੜਦਾ ਹੈ। ਜਦੋਂ ਇਹ ਸਮੱਸਿਆ ਹੱਲ ਹੋ ਗਈ, ਫੇਰ ਮੈਂ ਇਸ ਨੂੰ ਛੱਡ ਕੇ ਕਿਸੇ ਹੋਰ ਸਮੱਸਿਆ ਬਾਰੇ ਲਿੱਖਣ ਲੱਗ ਜਾਵਾਂਗਾ। ਵਰਜੀਨੀਆ ਵੌਲਫ ਨੂੰ ਵੀ ਕਿਸੇ ਨੇ ਤੁਹਾਡੇ ਵਾਲਾ ਸਵਾਲ ਹੀ ਕੀਤਾ ਸੀ ਕਿ ਇਕ ਸਮੱਸਿਆ ਬਾਰੇ ਹੀ ਲਿੱਖੀ ਜਾਂਦੇ ਹੋ ਤਾਂ ਉਸ ਨੇ ਜੁਆਬ ਦਿੱਤਾ ਸੀ ਕਿ ਕੀ ਜ਼ਿੰਦਗੀ ਨੂੰ ਦੁਸ਼ਵਾਰ ਬਣਾਉਣ ਲਈ ਇਕ ਸਮੱਸਿਆ ਕਾਫੀ ਨਹੀਂ। ਇਹੋ ਮੇਰਾ ਵੀ ਤੁਹਾਡੇ ਪ੍ਰਸ਼ਨ ਦਾ ਜੁਆਬ ਹੈ।

DE EP on Facebook: ਮੈਂ ਤੁਹਾਡੀਆਂ ਕਈ ਕਹਾਣੀਆਂ ਪੜੀਆਂ ਹਨ ਅਤੇ ਉਹਨਾਂ ਵਿੱਚ ਅਸ਼ਲੀਲਤਾ ਸਾਫ ਜ਼ਾਹਿਰ ਕੀਤੀ ਗਈ ਹੈ । ਜਿਵੇਂ ਕਿ, ਘੋੜਾ-ਤਲਵਾਰ-ਰੰਨ, ਜਿੱਤ-ਹਾਰ.. ਅਜਿਹਾ ਕਿਉਂ ? ਤੁਸੀਂ ਜਿਆਦਾਤਰ ਅਸ਼ਲੀਲਤਾ ਭਰੀ ਸ਼ਬਦਾਵਲੀ ਕਿਉਂ ਵਰਤਦੇ ਹੋ ?
ਬਲਰਾਜ ਸਿੱਧੂ: ਸਵਾਲ ਕਰਨ ਲਈ ਸ਼ੁਕਰੀਆ। ਮੇਰਾ ਖਿਆਲ ਹੈ ਤੁਸੀਂ ਮੈਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਿਆ ਹੈ। ਅਗਰ ਪੜ੍ਹਿਆ ਹੁੰਦਾ ਤਾਂ ਇਸ ਪ੍ਰਸ਼ਨ ਦਾ ਉੱਤਰ ਤੁਹਾਨੂੰ ਮੇਰੀ ਲਿੱਖਤ ਵਿੱਚੋਂ ਹੀ ਮਿਲ ਜਾਣਾ ਸੀ। ਮੇਰੀ ਸ਼ਬਦਾਵਲੀ ਅਸ਼ਲੀਲ ਨਹੀਂ ਹੁੰਦੀ ਬਲਕਿ ਮੇਰੀਆਂ ਕਹਾਣੀਆਂ ਵਿੱਚ ਸ਼ਰੀਰਕ ਸੰਬੰਧਾਂ ਅਤੇ ਕਾਮੁਕਤਾ ਨਾਲ ਉਤਪਨ ਹੋਈਆਂ ਸਮੱਸਿਆਵਾਂ ਨੂੰ ਛੂਹਿਆ ਗਿਆ ਹੁੰਦਾ ਹੈ ਤੇ ਸੈਕਸ ਦਾ ਵਰਣਨ ਹੁੰਦਾ ਹੈ। ਤੁਹਾਡਾ ਸਵਾਲ ਕੁਝ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਤੁਸੀਂ ਕਿਸੇ ਡਾਕਟਰ ਜਾਂ ਸਰਜਨ ਨੂੰ ਇਹ ਪੁੱਛ ਰਹੇ ਹੋਵੋ ਕਿ ਤੂੰ ਮਰੀਜ਼ ਨੂੰ ਬੇਪਰਦਾ ਕਰਕੇ ਓਪ੍ਰੇਸ਼ਨ ਕਿਉਂ ਕਰਦਾ ਹੈਂ? ਇਹੀ ਸਵਾਲ ਓਪ੍ਰੇਸ਼ਨ ਥੇਇਟਰ ਮੂਹਰੇ ਖੜ੍ਹ ਕੇ ਕਿਸੇ ਸਰਜਨ ਨੂੰ ਕਰਨਾ, ਜੋ ਉਹ ਜੁਆਬ ਦੇਵਗਾ। ਮੇਰਾ ਵੀ ਤੁਹਾਡੇ ਸਵਾਲ ਲਈ ਉਹੀ ਉੱਤਰ ਹੋਵੇਗਾ।