Tuesday 1 January 2019



ਇਤਿਹਾਸਕ ਕਿਰਦਾਰਾਂ ਨਾਲ ਸੰਵਾਦ ਰਚਾਉਣ ਵਾਲਾ ਬਲਰਾਜ ਸਿੰਘ ਸਿੱਧੂ
ਡਾ.ਚਰਨਜੀਤ ਸਿੰਘ ਗੁਮਟਾਲਾ

ਜਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਜੰਮਪਲ ਤੇ ਹੁਣ ਇੰਗਲੈਂਡ ਦਾ ਪੱਕਾ ਵਸਨੀਕ ਬਲਰਾਜ ਸਿੰਘ ਸਿੱਧੂ ਇੱਕ ਜਾਣਿਆ-ਪਛਾਣਿਆ ਨਾਂ ਹੈ। ਉਹ ਸੰਨ 1988 ਵਿੱਚ 12 ਸਾਲ ਦੀ ਉਮਰੇ ਆਪਣੇ ਮਾਪਿਆਂ ਨਾਲ ਇੰਗਲੈਂਡ ਗਿਆ ਅਤੇ ਉੱਥੇ ਹੀ ਉਸ ਨੇ ਉਚੇਰੀ ਪੜ੍ਹਾਈ ਕੀਤੀ।
ਹੁਣ ਤਕ ਉਸ ਦੇ 50 ਗੀਤ ਵੱਖ-ਵੱਖ ਐਲਬਮਾਂ ਵਿੱਚ ਰਿਕਾਰਡ ਹੋਏ ਹਨ। ਉਸ ਦੇ ਲਿਖੇ ਗੀਤ ਅੰਗਰੇਜ਼ ਅਲੀ, ਸੁਦੇਸ਼ ਕੁਮਾਰੀ, ਨਿਰਮਲ ਸਿੱਧੂ, ਮੰਗੀ ਮਾਹਲ, ਹਰਦੇਵ ਮਾਹੀਨੰਗਲ, ਮਾਸ਼ਾ ਅਲੀ, ਰਾਸ਼ੀ ਰਾਗਾ, ਮਨਜੀਤ ਰੂਪੋਵਾਲੀਆ ਆਦਿ ਨੇ ਗਾਏ ਹਨ। ਉਸ ਦੇ ਕਈ ਗੀਤ ਬੜੇ ਮਕਬੂਲ ਹੋਏ।
ਗੀਤਕਾਰ ਦੇ ਨਾਲ-ਨਾਲ ਉਹ ਪੱਤਰਕਾਰ, ਕਹਾਣੀਕਾਰ ਤੇ ਨਾਵਲਕਾਰ ਵੀ ਹੈ। ਉਸ ਦਾ ਕਹਾਣੀ ਸੰਗ੍ਰਹਿ ‘ਅਣਲੱਗ’ 1999 ਵਿੱਚ ਛਪਿਆ। ਇਸ ਵਿੱਚ ਉਸ ਨੇ ਨਸਲਵਾਦ, ਭੂ-ਹੇਰਵਾ, ਰਿਸ਼ਤਿਆਂ ਵਿੱਚ ਖ਼ੁਦਗਰਜ਼ੀ, ਖਾੜਕੂਵਾਦ ਆਦਿ ਵਿਸ਼ੇ ਛੋਹੇ। ਸਾਲ 2002 ਵਿੱਚ ਪ੍ਰਕਾਸ਼ਿਤ ਹੋਇਆ ਉਸ ਦਾ ਕਹਾਣੀ ਸੰਗ੍ਰਹਿ ‘ਨੰਗੀਆਂ ਅੱਖੀਆਂ’ ਔਰਤ-ਮਰਦ ਸਬੰਧਾਂ ਦੀ ਬਾਤ ਪਾਉਂਦਾ ਹੈ। ਇਸ ਸਾਲ ਉਸ ਦਾ ਇਤਿਹਾਸਕ ਕਹਾਣੀ ਸੰਗ੍ਰਹਿ ‘ਮੋਰਾਂ ਦਾ ਮਹਾਰਾਜਾ’ ਪ੍ਰਕਾਸ਼ਿਤ ਹੋਇਆ। ਉਸ ਵੱਲੋਂ ਲਿਖੀਆਂ 62 ਲੰਮੀਆਂ ਕਹਾਣੀਆਂ ਵਿੱਚੋਂ 48 ਮਰਦ-ਔਰਤ ਸਬੰਧਾਂ ’ਤੇ ਆਧਾਰਿਤ ਹਨ। ਬਲਰਾਜ ਸਿੰਘ ਸਿੱਧੂ ਦਾ ਪਹਿਲਾ ਨਾਵਲ ‘ਤਪ’ 2001 ਵਿੱਚ ਪ੍ਰਕਾਸ਼ਿਤ ਹੋਇਆ ਜੋ ਇੰਗਲੈਂਡ ਦੀ ਪੁਲੀਸ ਫੋਰਸ ਉਪਰ ਆਧਾਰਿਤ ਸੀ। ਇਸ ਦਾ ਨਾਇਕ ਭਾਰਤੀ ਅਫ਼ਸਰ ਆਪਣੀ ਸਹਿਕਰਮੀ ਅੰਗਰੇਜ਼ ਮਹਿਬੂਬਾ ਦੇ ਇਸ਼ਕ ਵਿੱਚ ਤਬਾਹ ਹੋ ਜਾਂਦਾ ਹੈ ਪਰ ਉਹ ਮੁੜ ਆਪਣੇ ਪੈਰਾਂ ਸਿਰ ਹੁੰਦਾ ਹੈ। ਨਾਵਲ ‘ਵਸਤਰ’ 2002 ਵਿੱਚ ਛਪਿਆ। ਇਸ ਨਾਵਲ ਵਿੱਚ ਬਾਗ਼ੀ ਹੋ ਕੇ ਘਰੋਂ ਭੱਜੀ ਇੱਕ ਮੁਸਲਿਮ ਮੁਟਿਆਰ ਦੀ ਜਦੋ-ਜਹਿਦ ਨੂੰ ਪੇਸ਼ ਕੀਤਾ ਗਿਆ ਹੈ। ‘ਮਸਤਾਨੀ’ ਨਾਵਲ ਇਸ ਸਾਲ ਪ੍ਰਕਾਸ਼ਿਤ ਹੋਇਆ ਹੈ। ਇਸ ਦਾ ਕਾਲ 1730 ਤੋਂ 1740 ਈਸਵੀ ਹੈ। ਇਸ ਵਿੱਚ ਪੇਸ਼ਵਾ ਬਾਜੀ ਰਾਓ ਤੇ ਨਾਚੀ ਮਸਤਾਨੀ ਦੇ ਇਸ਼ਕ ਨੂੰ ਆਧਾਰ ਬਣਾਇਆ ਗਿਆ ਹੈ। ਸ਼ਹਿਜ਼ਾਦੀ ਡਾਇਨਾ ਦੇ ਜੀਵਨ ’ਤੇ ਆਧਾਰਿਤ ਉਸ ਦਾ ਨਾਵਲ ‘ਅੱਗ ਦੀ ਲਾਟ’ ਸਿਰਲੇਖ ਹੇਠ ਜਲਦੀ ਹੀ ਆ ਰਿਹਾ ਹੈ।

ਉਸ ਨੇ 2003 ਵਿੱਚ ਕਬੱਡੀ ਬਾਰੇ ਲਿਖੀ ਕਿਤਾਬ ਦਾ ਅੰਗਰੇਜ਼ੀ ਵਿੱਚ ‘ਕਬੱਡੀ: ਏ ਨੇਟਿਵ ਗੇਮ ਆਫ਼ ਪੰਜਾਬ’ ਸਿਰਲੇਖ ਹੇਠ ਅਨੁਵਾਦ ਕੀਤਾ।
ਬਲਰਾਜ ਸਿੱਧੂ ਨੇ ਇੰਗਲੈਂਡ ਵਿੱਚ ਉਚੇਰੀ ਪੜ੍ਹਾਈ ਕਰ ਕੇ ਗਹਿਣਿਆਂ ਦਾ ਕਾਰੋਬਾਰ ਸ਼ੁਰੂ ਕੀਤਾ ਪਰ ਉਸ ਨੂੰ ਇਸ ਵਿੱਚ ਸਫ਼ਲਤਾ ਨਾ ਮਿਲੀ। ਉਸ ਨੇ ਫਿਰ ਕਾਰਖਾਨਿਆਂ ਵਿੱਚ ਕੰਮ ਕੀਤਾ ਤੇ ਬਾਅਦ ਵਿੱਚ ਉਸ ਨੇ ਦਵਾਈਆਂ ਦੀ ਇੱਕ ਕੰਪਨੀ ਵਿੱਚ ਨੌਕਰੀ ਕਰ ਲਈ। ਇਸ ਨੂੰ ਵੀ ਛੱਡ ਕੇ 2002 ਵਿੱਚ ਉਸ ਨੇ ਪੱਤਰਕਾਰੀ ਵਿੱਚ ਪੈਰ ਧਰਿਆ। ਉਸ ਨੇ ਬਰਮਿੰਘਮ ਵਿੱਚ ‘ਸਿੱਖ ਟਾਈਮਜ਼ ਵੀਕਲੀ’ ਦੇ ਪੰਜਾਬੀ ਸੈਕਸ਼ਨ ਵਿੱਚ ਸਹਾਇਕ ਸੰਪਾਦਕ ਦੀ ਜ਼ਿੰਮੇਵਾਰੀ ਸੰਭਾਲੀ। ਸਾਲ 2003 ਵਿੱਚ ਉਹ ‘ਅਜੀਤ ਵੀਕਲੀ’ ਦੇ ਯੂ ਕੇ ਤੇ ਯੂਰਪੀਨ ਐਡੀਸ਼ਨ ਦਾ ਸੰਪਾਦਕ ਬਣਿਆ। ਸਾਲ 2004 ਵਿੱਚ ਉਹ ਟੈਲਫੋਰਡ ਤੋਂ ਪ੍ਰਕਾਸ਼ਿਤ ਹੁੰਦੇ ‘ਪੰਜਾਬ ਦੀ ਆਵਾਜ਼’ ਹਫ਼ਤਾਵਾਰੀ ਦਾ ਸੰਪਾਦਕ ਨਿਯੁਕਤ ਹੋਇਆ। ਉਸ ਨੇ ਕੁਝ ਸਮਾਂ ‘ਪੰਜਾਬ ਟਾਈਮਜ਼’ (ਡਰਬੀ) ਵਿੱਚ ਵੀ ਕੰਮ ਕੀਤਾ। ਸਾਲ 2005 ਤੋਂ ਉਹ ਫਰੀਲਾਂਸ ਪੱਤਰਕਾਰ ਦੇ ਤੌਰ ’ਤੇ ਕੰਮ ਕਰ ਰਿਹਾ ਹੈ। ਉਸ ਦੇ ਲੇਖ ਇੰਗਲੈਂਡ, ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ ਆਦਿ ਦੇ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪ ਚੁੱਕੇ ਹਨ। ਉਸ ਦੀ ਨਿਵੇਕਲੀ ਸ਼ੈਲੀ ਤੇ ਵਿਸ਼ਾ ਵਸਤੂ ਨੇ ਉਸ ਦੀ ਵੱਖਰੀ ਪਛਾਣ ਬਣਾਈ ਹੈ। ਉਸ ਨੇ ਉਹ ਵਿਸ਼ੇ ਛੋਹੇ ਜਿਨ੍ਹਾਂ ਬਾਰੇ ਲਿਖਣ ਦਾ ਕੋਈ ਹੌਸਲਾ ਨਹੀਂ ਕਰਦਾ। ਉਸ ਨੇ ਔਰਤ ਦੇ ਦਿਲ ਦੇ ਦਰਦ ਨੂੰ ਪਛਾਣ ਕੇ ਉਸ ਨੂੰ ਜ਼ੁਬਾਨ ਦਿੱਤੀ ਹੈ। ਪੁਸਤਕ ‘ਮੋਰਾਂ ਦਾ ਮਹਾਰਾਜਾ’ ਦੀਆਂ ਪਹਿਲੀਆਂ ਤਿੰਨ ਕਹਾਣੀਆਂ ਵਿੱਚ ਉਸ ਨੇ ਰਵਾਇਤੀ ਲੇਖਕਾਂ ਵਾਂਗ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸਕ ਪਿਛੋਕੜ ਅਤੇ ਉਸ ਦੀਆਂ ਪ੍ਰਾਪਤੀਆਂ ਦਾ ਵਰਣਨ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਮਹਾਰਾਜੇ ਦੇ ਕਿਰਦਾਰ ਦੇ ਉਸ ਪੱਖ ’ਤੇ ਵੀ ਰੋਸ਼ਨੀ ਪਾਈ ਹੈ ਜਿਸ ਬਾਰੇ ਕਿਸੇ ਨੇ ਵੀ ਅਜੇ ਤੀਕ ਨਹੀਂ ਲਿਖਿਆ। ਨਾਚੀ ਮੋਰਾਂ ਦੇ ਕਿਰਦਾਰ ਨੂੰ ਪਹਿਲੀ ਵਾਰ ਸਿੱਧੂ ਨੇ ਪੇਸ਼ ਕਰਨ ਦਾ ਹੌਸਲਾ ਕੀਤਾ ਹੈ ਜਿਸ ਦੇ ਆਖੇ ਲੱਗ ਕੇ ਮਹਾਰਾਜੇ ਨੇ ਅਜਿਹੇ ਫ਼ੈਸਲੇ ਕੀਤੇ ਜੋ ਉਸ ਲਈ ਤਬਾਹੀ ਦਾ ਕਾਰਨ ਬਣੇ। ਇਸੇ ਤਰ੍ਹਾਂ ਨਾਵਲ ‘ਮਸਤਾਨੀ’ ਵਿੱਚ ਨਾਚੀ ਮਸਤਾਨੀ ਦੇ ਇਸ਼ਕ ਨੂੰ ਉਸ ਨੇ ਹੀ ਪਹਿਲੀ ਵਾਰ ਪੇਸ਼ ਕੀਤਾ ਹੈ। -ਡਾ.ਚਰਨਜੀਤ ਸਿੰਘ ਗੁਮਟਾਲਾ